Online TransLiteration by girgit.chitthajagat.in, of http://kamalkang.blogspot.com/ Disclaimer
You may also see this page in Bangla, Devanagari, Gujarati, Gurmukhi, Kannada, Malayalam, Oriya, Roman(Eng), Tamil, Telugu

May 10, 2012

ਗੀਤ - ਓ ਮੇਰੇ ਮਹਿਰਮਾ, ਵੇ ਮੇਰੇ ਮਹਿਰਮਾ........


ਓ ਮੇਰੇ ਮਹਿਰਮਾ, ਵੇ ਮੇਰੇ ਮਹਿਰਮਾ

ਵੇ ਮੇਰੇ ਮਹਿਰਮਾ, ਓ ਮੇਰੇ ਮਹਿਰਮਾ
ਆਜਾ ਵੇ ਰਲ਼, ਗੱਲਾਂ ਕਰੀਏ,
ਇਕ ਦੂਜੇ ਦੇ, ਦੁੱਖੜੇ ਹਰੀਏ
ਵੇ ਮੇਰੇ ਮਹਿਰਮਾ, ਓ…

ਪੌਣ ਵੀ ਸਾਂ ਸਾਂ, ਕਰਦੀ ਵੱਗੇ,
ਹਾਏ ਵੇ ਤੇਰੀ, ਸੂਰਤ ਠੱਗੇ,
ਤੇਰੇ ਬਿਨ ਵੇ, ਦਿਲ ਨਾ ਲੱਗੇ
ਵੇ ਮੇਰੇ ਮਹਿਰਮਾ…

ਰਾਹ ਅੱਧਵਾਟੇ, ਛੱਡ ਨਾ ਜਾਈਂ,
ਅੜਿਆ ਵੇ ਤੂੰ, ਸਾਥ ਨਿਭਾਈਂ,
ਸਦਾ ਹੀ ਮੈਨੂੰ, ਗਲ਼’ਨ ਲਾਈਂ
ਵੇ ਮੇਰੇ ਮਹਿਰਮਾ…

ਚੰਨ ਬੁੱਕਲ ’ਚੇ, ਅੱਜ ਮੈਂ ਡਿੱਠਾ
ਬੋਲ ਤੇਰਾ ਹਰ, ਲੱਗਦਾ ਮਿੱਠਾ
ਗ਼ਮ ਚੰਦਰਾ ਵੀ, ਪੈ ਗਿਆ ਛਿੱਥਾ
ਵੇ ਮੇਰੇ ਮਹਿਰਮਾ…

‘ਕੰਗ’ ਤੂੰ ਮੇਰਾ, ਮੈਂ ਹਾਂ ਤੇਰੀ,
ਤੇਰੇ ਬਿਨ ਤਾਂ, ਜ਼ਿੰਦਗੀ ਨੇਰ੍ਹੀ,
ਹੋ ਜੇ ਅੱਜ ਦੀ, ਰਾਤ ਲੰਮੇਰੀ
ਵੇ ਮੇਰੇ ਮਹਿਰਮਾ…



18 ਨਵੰਬਰ 2005

May 6, 2012

ਗੀਤ - ਰੰਗਲੀ ਜਵਾਨੀ.........

ਰੰਗਲੀ ਜਵਾਨੀ

ਤੇਰੀ ਰੰਗਲੀ ਜਵਾਨੀ,
ਮੇਰੀ ਲੁੱਟੇ ਜ਼ਿੰਦਗਾਨੀ
ਜਦੋਂ ਵੇਖਦਾ ਮੈਂ ਪਿੜ ਵਿੱਚ ਨੱਚਦੀ ਨੂੰ
ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ
ਜਦੋਂ ਵੇਖਦਾ ਮੈਂ ਖਿੜ ਖਿੜ ਹੱਸਦੀ ਨੂੰ
ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ
ਜਦੋਂ ਵੇਖਦਾ ਮੈਂ ਪਿੜ.....

ਕੀਤਾ ਏ ਹੈਰਾਨ ਸਾਰਾ ਪਿੰਡ ਤੇਰੇ ਠੁਮਕੇ ਨੇ
ਲੁੱਟ ਲਏ ਕੁਆਰੇ ਦਿਲ ਬਿੱਲੋ ਤੇਰੇ ਝੁਮਕੇ ਨੇ
ਦਿਲ ਮੱਚਦਾ ਏ ਮੇਰਾ,
ਦੱਸ ਕਰਾਂ ਕਿਵੇਂ ਜੇਰਾ
ਜਦੋਂ ਵੇਖਦਾ ਮੈਂ ਗਿੱਧੇ ਵਿੱਚ ਮੱਚਦੀ ਨੂੰ
ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ
ਜਦੋਂ ਵੇਖਦਾ ਮੈਂ ਖਿੜ ਖਿੜ ਹੱਸਦੀ ਨੂੰ
ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ
ਜਦੋਂ ਵੇਖਦਾ ਮੈਂ ਪਿੜ.....

ਨੱਚ ਨੱਚ ਹੋਇਆ ਤੇਰਾ ਮੁੱਖ ਸੂਹਾ ਲਾਲ ਨੀ
ਸੂਟ ਤੈਨੂੰ ਲੈ ਦੂੰ ਜੇਹੜਾ ਜਚੂ ਰੰਗ ਨਾਲ ਨੀ
ਤੇਰਾ ਨਖਰਾ ਨੀ ਮਾਨ,
ਮੇਰੀ ਕੱਢਦਾ ਏ ਜਾਨ
ਜਦੋਂ ਵੇਖਦਾ ਮੈਂ ਬਣ ਬਣ ਜੱਚਦੀ ਨੂੰ
ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ
ਜਦੋਂ ਵੇਖਦਾ ਮੈਂ ਖਿੜ ਖਿੜ ਹੱਸਦੀ ਨੂੰ
ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ
ਜਦੋਂ ਵੇਖਦਾ ਮੈਂ ਪਿੜ.....

ਤੋਰ ਤੇਰੀ ਵਿੱਚ ਤਾਂ ਰਵਾਨੀ ਏ ਝਨਾਬ ਦੀ
ਗਿੱਧਾ ਤੇਰਾ ਵੱਖਰੀ ਨਿਸ਼ਾਨੀ ਏ ਪੰਜਾਬ ਦੀ
ਇੱਕ ਨੈਣ ਨੀਲੇ ਨੀਲੇ,
ਜਾਪੇ ਹੋਰ ਵੀ ਨਸ਼ੀਲੇ
ਜਦੋਂ ਵੇਖਦਾ ਸੁਰਾਹੀ ਧੌਣ ਕੱਚ ਦੀ ਨੂੰ
ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ
ਜਦੋਂ ਵੇਖਦਾ ਮੈਂ ਖਿੜ ਖਿੜ ਹੱਸਦੀ ਨੂੰ
ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ
ਜਦੋਂ ਵੇਖਦਾ ਮੈਂ ਪਿੜ.....

ਜਾਂਦੀ ਹੋਈ ਦੱਸ ਜਾਈਂ ਪਿੰਡ ਕਿਹੜਾ ਤੇਰਾ ਨੀ
‘ਕੰਗਾਂ ਵਾਲਾ‘ ਆਊ ਉੱਥੇ ਬੰਨ੍ਹ ਫੇਰ ਸਿਹਰਾ ਨੀ
ਮੈਨੂੰ ਆਪਣਾ ਬਣਾ ਲੈ,
ਦਿਲ ਮੇਰੇ ਨਾਲ ਲਾ ਲੈ
ਜਮਾਂ ਸੱਚ ਕਰ ਜਾਣੀ ਗੱਲ ਸੱਚ ਦੀ ਨੂੰ
ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ
ਜਦੋਂ ਵੇਖਦਾ ਮੈਂ ਖਿੜ ਖਿੜ ਹੱਸਦੀ ਨੂੰ
ਦਿਲ ਕਰੇ ਹੁਣੇ ਤੈਨੂੰ ਦੇ ਦਿਆਂ ਨਿਸ਼ਾਨੀ
ਜਦੋਂ ਵੇਖਦਾ ਮੈਂ ਪਿੜ.....

ਯੂਟਿਊਬ ਤੇ ਵੇਖੋ
12 ਅਪ੍ਰੈਲ 2004 ਡਾਊਨ ਟਾਊਨ ਵੈਨਕੂਵਰ
(ਐਲਬਮ ‘ਜ਼ਿੰਦਗਾਨੀ’ ਗਾਇਕ: ਜਸਦੀਪ ਜੱਸੀ ਧਮਾਈਵਾਲਾ, ਸੰਗੀਤ: ਜੱਸੀ ਬ੍ਰਦਰਜ਼)
(ਰੀਲੀਜ਼ ਤਰੀਖ 14 ਸਤੰਬਰ 2007)
© ਕਮਲ ਕੰਗ

May 2, 2012

ਗੀਤ - ਜਦੋਂ ਦੀ ਜੁਦਾਈ ਦੇ ਗਿਓਂ..................


ਜਦੋਂ ਦੀ ਜੁਦਾਈ

ਜੁਦਾ ਚੰਨ ਕੋਲੋਂ ਹੋਵੇ ਨਾ ਚਕੋਰ ਵੀ
ਵਰ੍ਹੇ ਸਾਉਣ ਜਦੋਂ ਨੱਚਦੇ ਨੇ ਮੋਰ ਵੀ
ਮੈਨੂੰ ਗ਼ਮਾਂ ਵਾਲ਼ੀ ਭੱਠੀ ਵਿੱਚ ਝੋਕ ਕੇ, ਯਾਦਾਂ ਦੀ ਦਵਾਈ ਦੇ ਗਿਂਓ
ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜਕਾਂ, ਜਦੋਂ ਦੀ ਜੁਦਾਈ ਦੇ ਗਿਂਓ
ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜ ਕਾਂ, ਜਦੋਂ ......

ਪਵੇ ਅੰਬੀਆਂ ਨੂੰ ਬੂਰ ਕੋਇਲਾਂ ਗਾਉਂਦੀਆਂ
ਮਾਹੀ ਮਿਲਣੇ ਦੀ ਖੁਸ਼ੀ ਉਹ ਮਨਾਉਂਦੀਆਂ
ਕਾਹਦੇ ਹੌਂਸਲੇ ਮੈਂ ਦਿਲ ਖੁਸ਼ ਰੱਖ ਲਾਂ, ਕਿਹੜੀ ਤੂੰ ਖੁਦਾਈ ਦੇ ਗਿਂਓ
ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜਕਾਂ, ਜਦੋਂ ਦੀ ਜੁਦਾਈ ਦੇ ਗਿਂਓ
ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜ ਕਾਂ, ਜਦੋਂ ......

ਮਹਿਕ ਬਿਨਾਂ ਫੁੱਲ ਦੱਸ ਕਾਹਦੇ ਫੁੱਲ ਨੇ
ਜੀਣ ਜੋਗਿਆ ਤੂੰ ਗਿਆਂ ਮੈਨੂੰ ਭੁੱਲ ਵੇ
ਗਾਨੀ ਤੇਰੀ ਮੈਂ ਮੜ੍ਹਾ ਲਈ ਵਿੱਚ ਹਿਜਰਾਂ, ਜਦੋਂ ਤੋਂ ਰੁਸਾਈ ਦੇ ਗਿਂਓ
ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜਕਾਂ, ਜਦੋਂ ਦੀ ਜੁਦਾਈ ਦੇ ਗਿਂਓ
ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜ ਕਾਂ, ਜਦੋਂ ......

ਨਾਮ ਤੇਰਾ ਲੈ ਲੈ ਜੱਗ ਤਾਹਨੇ ਮਾਰਦਾ
ਚੰਦਰਾ ਇਹ ਦਿਲ ਹੋਰ ਨਾ ਸਹਾਰਦਾ
ਤੈਨੂੰ ਖੁਦ ਕੋਲੋਂ ਦੂਰ ਕਿਵੇਂ ਕਰ ਲਾਂ, ਜੱਗ ਦੀ ਹਸਾਈ ਦੇ ਗਿਂਓ
ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜਕਾਂ, ਜਦੋਂ ਦੀ ਜੁਦਾਈ ਦੇ ਗਿਂਓ
ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜ ਕਾਂ, ਜਦੋਂ ......

'ਕੰਗ' ਲਾਈ ਕਾਹਨੂੰ ਨਈਂ ਜੇ ਨਿਭਾਉਣੀ ਸੀ
ਜਿੰਦ ਮੇਰੀ ਕਾਹਨੂੰ ਫੁੱਲਾਂ ਜਿਹੀ ਸੁਕਾਉਣੀ ਸੀ
ਤੇਰਾ 'ਕਮਲ' ਯਕੀਨ ਪੈਣਾ ਕਰਨਾ, ਲਿਖ ਜੋ ਰੁਬਾਈ ਦੇ ਗਿਂਓ
ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜਕਾਂ, ਜਦੋਂ ਦੀ ਜੁਦਾਈ ਦੇ ਗਿਂਓ
ਵੇ ਮੈਂ ਪਿੱਪਲੀ ਦੇ ਪੱਤ ਵਾਂਗ ਖੜਕਾਂ,
ਜਦੋਂ ਦੀ ਜੁਦਾਈ ਦੇ ਗਿਓਂ




17 ਮਾਰਚ 2004

April 26, 2012

ਗੀਤ - ਤਾਰਿਆ ਵੇ ਤਾਰਿਆ, ਤਾਰਿਆ ਵੇ ਤਾਰਿਆ .....



"ਤਾਰਿਆ ਵੇ ਤਾਰਿਆ, ਤਾਰਿਆ ਵੇ ਤਾਰਿਆ"
ਤਾਰਿਆ ਵੇ ਤਾਰਿਆ,
ਤਾਰਿਆ ਵੇ ਤਾਰਿਆ
ਅਸੀਂ ਸੱਜਣਾਂ ਨੂੰ ਦਿਲ ਹਾਰਿਆ
ਤਾਰਿਆ ਵੇ ਤਾਰਿਆ,
ਤਾਰਿਆ ਵੇ ਤਾਰਿਆ
ਅਸੀਂ ਸੱਜਣਾਂ ਤੋਂ ਮਨ ਵਾਰਿਆ
ਬੱਦਲਾਂ ਦੇ ਓਹਲੇ ਕਦੇ, ਲੁਕ ਨਾ ਤੂੰ ਜਾਵੀਂ ਚੰਨਾਂ
ਤੂੰ ਵੀ ਮੰਨੀਂ ਮੇਰੀ ਗੱਲ, ਜਿਵੇਂ ਤੇਰੀ ਮੈਂ ਮੰਨਾਂ
ਕੁਝ ਪਿਆ ਆਖੇ ਜੱਗ,
ਦੁਨੀਆਂ ਦੇ ਪਿੱਛੇ ਲੱਗ,
ਬੋਲੀਂ ਨਾ ਪਿਆਰਿਆ
ਤਾਰਿਆ ਵੇ ਤਾਰਿਆ, ਤਾਰਿਆ ਵੇ ਤਾਰਿਆ
ਅਸੀਂ ਸੱਜਣਾਂ ਨੂੰ ਦਿਲ ਹਾਰਿਆ

ਤੋੜੀਂ ਨਾ ਸੱਜਣ ਦਿਲ, ਲਾ ਕੇ ਨਿਭਾਈਂ ਵੇ
ਕੀਤੇ ਜੋ ਕਰਾਰ ਚੰਨਾਂ, ਤੋੜ ਤੂੰ ਚੜ੍ਹਾਈਂ ਵੇ
ਤੇਰੀ ਸਦਾ ਸੁੱਖ ਮੰਗਾਂ,
ਤੇਰਾ ਵੇ ਵਿਛੋੜਾ ਚੰਨਾਂ,
ਜਾਣਾ ਨਈਂ ਸਹਾਰਿਆ
ਤਾਰਿਆ ਵੇ ਤਾਰਿਆ,
ਤਾਰਿਆ ਵੇ ਤਾਰਿਆ
ਅਸੀਂ ਸੱਜਣਾਂ ਨੂੰ ਦਿਲ ਹਾਰਿਆ

ਕਿਸੇ ਨੇ ਨਾ ਕੀਤਾ ਹੋਵੇ, ਪਿਆਰ ਉਂਨਾ ਕਰੀਂ ਵੇ
ਫੁੱਲਾਂ ਵਾਂਗੂੰ ਮਹਿਕੀਂ ਸਦਾ, ਘਟਾ ਬਣ ਵਰ੍ਹੀਂ ਵੇ
ਤੇਰੇ ਹੀ ਪਿਆਰ ਮੇਰੇ,
ਮੇਰੇ ਸੋਹਣੇ ਯਾਰ ਮੇਰੇ,
ਰੂਪ ਨੂੰ ਸੰਵਾਰਿਆ
ਤਾਰਿਆ ਵੇ ਤਾਰਿਆ,
ਤਾਰਿਆ ਵੇ ਤਾਰਿਆ
ਅਸੀਂ ਸੱਜਣਾਂ ਨੂੰ ਦਿਲ ਹਾਰਿਆ

ਸਾਹਵਾਂ ਤੇਰਿਆਂ 'ਚੋਂ ਮੈਨੂੰ, ਮੋਹ ਬੜਾ ਆਉਂਦਾ ਵੇ
ਤੇਰੇ ਹੀ ਸਰੂਰ ਵਿੱਚ, ਦਿਲ ਨਸ਼ਿਆਉਂਦਾ ਵੇ
ਜਾਵੀਂ ਨਾ ਵੇ ਚੰਨਾਂ ਸੁਣ,
ਪਾਵੀਂ ਨਾ ਵੇ ਚੰਨਾਂ ਸੁਣ,
ਮੈਨੂੰ ਵਿੱਚ ਲਾਰਿਆਂ
ਤਾਰਿਆ ਵੇ ਤਾਰਿਆ,
ਤਾਰਿਆ ਵੇ ਤਾਰਿਆ
ਅਸੀਂ ਸੱਜਣਾਂ ਨੂੰ ਦਿਲ ਹਾਰਿਆ

'ਕੰਗ' ਵੇ ਹਾਏ ਯਾਦ ਆਵੇ, ਰਾਤ ਮੈਨੂੰ ਵਸਲਾਂ ਦੀ
'ਕਮਲ' ਦੀਵਾਨੀ ਮੈਂ ਤਾਂ, ਤੇਰੇ ਗੀਤ ਗ਼ਜ਼ਲਾਂ ਦੀ
'ਕੰਗਾਂ' ਵਿੱਚ ਵੱਸਣਾ ਏ,
ਆਪਾਂ ਸਦਾ ਹੱਸਣਾ ਏ,
ਮੇਰਿਆ ਵੇ ਤਾਰਿਆ
ਤਾਰਿਆ ਵੇ ਤਾਰਿਆ,
ਤਾਰਿਆ ਵੇ ਤਾਰਿਆ
ਅਸੀਂ ਸੱਜਣਾਂ ਨੂੰ ਦਿਲ ਹਾਰਿਆ

31 ਅਗਸਤ 2003, 1:00 ਸਵੇਰ

February 3, 2012

ਬਦਲ ਦਿੱਤਾ ਤੈਨੂੰ ਵੀ...........ਕਵਿਤਾ


ਬਦਲ ਦਿੱਤਾ ਤੈਨੂੰ ਵੀ

ਬਦਲ ਦਿੱਤਾ ਤੈਨੂੰ ਵੀ,
ਬਦਲਦੇ ਹਾਲਾਤਾਂ ਨੇ
ਕਰ 'ਤੇ ਪਰਾਏ ਯਾਰ,
ਮੋਏ ਜਜ਼ਬਾਤਾਂ ਨੇ
ਬਦਲ ਦਿੱਤਾ ਤੈਨੂੰ ਵੀ, ਬਦਲਦੇ ਹਾਲਾਤਾਂ ਨੇ

ਨਾਲ਼ ਰਹਿੰਦਾ ਪਰਛਾਵਾਂ,
ਬੀਤੇ ਦੀਆਂ ਯਾਦਾਂ ਦਾ
ਪਿਆ ਨਾ ਫਰਕ ਕੁਝ,
ਕਾਲ਼ੀਆਂ ਵੀ ਰਾਤਾਂ ਨੇ
ਬਦਲ ਦਿੱਤਾ ਤੈਨੂੰ ਵੀ, ਬਦਲਦੇ ਹਾਲਾਤਾਂ ਨੇ

ਅਜੇ ਵੀ ਜ਼ਿਹਨ ਵਿੱਚ,
ਪੈੜ ਬਚੇ ਟਾਵੀਂ ਟਾਵੀਂ
ਨੈਣਾਂ 'ਚੋਂ ਹੜ੍ਹਾਏ ਨਕਸ਼,
ਐਪਰ ਬਰਸਾਤਾਂ ਨੇ
ਬਦਲ ਦਿੱਤਾ ਤੈਨੂੰ ਵੀ, ਬਦਲਦੇ ਹਾਲਾਤਾਂ ਨੇ

ਚਾਨਣ ਚੁਰਾ ਕੇ ਗਿਓਂ,
ਦੂਰ ਮੇਰੇ ਹਿੱਸੇ ਦਾ
ਰਾਤਾਂ ਜੇਹੀਆਂ ਹੋਈਆਂ ਹੁਣ,
ਯਾਰਾ ਪਰਭਾਤਾਂ ਨੇ
ਬਦਲ ਦਿੱਤਾ ਤੈਨੂੰ ਵੀ, ਬਦਲਦੇ ਹਾਲਾਤਾਂ ਨੇ

ਦਿਲ ਵਾਲ਼ੇ ਬੂਹੇ ਉੱਤੇ,
ਜਿੰਦੇ ਅਸੀਂ ਮਾਰ ਲਏ
ਚੁੱਪ ਨਾਲ਼ ਚੁੱਪ-ਚਾਪ,
ਨਿੱਤ ਮੁਲਾਕਾਤਾਂ ਨੇ
ਬਦਲ ਦਿੱਤਾ ਤੈਨੂੰ ਵੀ, ਬਦਲਦੇ ਹਾਲਾਤਾਂ ਨੇ

ਰੁੜੀਆਂ ਇਛਾਵਾਂ ਉਦੋਂ,
ਖਾਰੇ ਖਾਰੇ ਪਾਣੀ ਵਿੱਚ
ਦੋਸਤਾਂ ਤੋਂ ਜਦੋਂ ਦੀਆਂ,
ਮਿਲੀਆਂ ਸੌਗਾਤਾਂ ਨੇ
ਬਦਲ ਦਿੱਤਾ ਤੈਨੂੰ ਵੀ, ਬਦਲਦੇ ਹਾਲਾਤਾਂ ਨੇ

ਖਿੰਡ-ਪੁੰਡ ਗਈਆਂ ਰੀਝਾਂ,
ਸੱਧਰਾਂ ਨੂੰ ਪਿਆ ਸੋਕਾ
ਕੀਤਾ ਏ ਹੈਰਾਨ 'ਕੰਗ',
ਇਨ੍ਹਾਂ ਕਰਾਮਾਤਾਂ ਨੇ
ਬਦਲ ਦਿੱਤਾ ਤੈਨੂੰ ਵੀ, ਬਦਲਦੇ ਹਾਲਾਤਾਂ ਨੇ
ਕਰ 'ਤੇ ਪਰਾਏ ਯਾਰ, ਮੋਏ ਜਜ਼ਬਾਤਾਂ ਨੇ
ਬਦਲ ਦਿੱਤਾ ਤੈਨੂੰ ਵੀ

੦੨ ਫਰਵਰੀ ੨੦੧੨ ਕਮਲ ਕੰਗ