Online TransLiteration by girgit.chitthajagat.in, of http://dreamingdoctor.blogspot.com/ Disclaimer
You may also see this page in Bangla, Devanagari, Gujarati, Gurmukhi, Kannada, Malayalam, Oriya, Roman(Eng), Tamil, Telugu


"ਪ੍ਰੋਲੇਤਾਰੀ ਲੇਖਕ ਇੱਕ ਉਦੇਸ਼ ਨਾਲ਼ ਲੈੱਸ ਹੁੰਦਾ ਹੈ | 'ਕਲਾ ਕਲਾ ਲਈ ' ਬਾਰੇ ਉਹ ਉਨਾ ਹੀ ਸੋਚਦਾ ਹੈ ਜਿੰਨਾ ਕਿ ਇੱਕ
ਡੁੱਬਦੇ ਜਹਾਜ਼ ਦੀ ਕੈਬਿਨ ਵਿੱਚ ਬੈਠਾ ਕੋਈ ਆਦਮੀ ਇੱਕ ਖੂਬਸੂਰਤ ਪੇਟਿੰਗ ਬਣਾਉਣ ਬਾਰੇ ਸੋਚੇਗਾ, ਉਹ ਪਹਿਲਾਂ ਕਿਨਾਰੇ ਪਹੁੰਚਣ ਬਾਰੇ ਸੋਚਦਾ ਹੈ - ਫਿਰ ਕਲਾ ਲਈ ਕਾਫ਼ੀ ਸਮਾਂ ਹੋਵੇਗਾ |"
....ਅਪਟਨ ਸਿੰਕਲੇਅਰ

Tuesday, May 8, 2012

ਜ਼ਖਮ ਨੂੰ - 2


ਉਡੀਕ ਮੇਰੀ 'ਚ ਜ਼ਖਮ ਪਿਆਰੇ
ਐਵੇਂ ਨਾ ਬੇਜ਼ਾਰ ਰਹੀਂ
ਅੱਗ ਲੈਣ ਲਈ ਆਵਾਂ ਜਦ
ਬਸ ਧੁਖਦਾ ਅੰਗਾਰ ਰਹੀਂ

ਪਤਝੜਾਂ ਬਹਾਰਾਂ ਦੇ ਸੰਗ
ਮਹਿਫਲਾਂ ਸਜਾਉਣੇ ਲਈ
ਮੈਂ ਨਗਮੇ ਉਧਾਰ ਲੈਣੇ
ਤੂੰ ਬਣਕੇ ਦਿਲਦਾਰ ਰਹੀਂ

ਦੁਨੀਆਂ ਦੇ ਹਰ ਕੋਨੇ ਤੇਰੀ
ਮਹਿਕ ਹੈ ਖਿਲਾਰਨੀ
ਬਣ ਭੌਰਾ ਮੈਂ ਆਵਾਂ ਜਦ
ਤੂੰ ਖਿੜਿਆ ਗੁਲਜ਼ਾਰ ਰਹੀਂ

ਉਡੀਕ ਹੁਣ ਤਾਂ ਹੁੰਦੀ ਨਾ
ਮੱਸਿਆ ਦੀ ਕਦੇ ਪੁੰਨਿਆ ਦੀ
ਆਉਂਦਾ ਹਰ ਪਲ ਹਰ ਘੜੀ
ਤੂੰ ਬਣਕੇ ਜਵਾਰ ਰਹੀਂ

ਮੈਂ ਜਾਣਦਾਂ ਹਾਂ ਹਸ਼ਰ ਮੇਰਾ
ਹੋ ਸਕਦੈ ਪੌਮਪੇ ਜਿਹਾ
ਪਰ ਡਰੀਂ ਨਾ ਤੂੰ ਬਣਿਆ
ਲਾਵੇ ਦਾ ਪਹਾੜ ਰਹੀਂ

ਲੜੀ ਸਾਹਾਂ ਵਾਲੀ ਚਲਦੀ
ਹੁਣ ਦਿਲ ਦੇ ਭਰੋਸੇ ਨਾ
ਛਲਕਦਾ ਹਮੇਸ਼ਾ ਓ ਮੇਰੇ
ਬਾਰ੍ਹਾਂਮਾਸੀ ਆਬਸ਼ਾਰ ਰਹੀਂ

ਕੁਰਬਾਨ ਹੋਣੀ ਤੇਰੇ ਉੱਤੋਂ
ਮੇਰੀ ਹਰ ਕਵਿਤਾ
ਤੂੰ ਗੀਤ ਹੈਂ ਸਜਾ ਕੇ ਬੈਠਾ
ਗੀਤਾਂ ਦਾ ਬਜ਼ਾਰ ਰਹੀਂ

ਮੌਸਮ

ਮੌਸਮ ਦਾ ਅਰਥ ਸਿਰਫ਼
ਭੂਤਰੇ ਜਿੰਨ ਵਾਂਗ ਸੂਰਜ ਦਾ ਅੱਗ ਵਰਾਉਣਾ
ਜਾਂ ਬੇਵੱਸ ਮਜ਼ਦੂਰ ਵਾਂਗ ਧੂੜ 'ਤੇ ਜੰਮੇ ਪਾਣੀ ਅੱਗੇ
ਗੋਡੇ ਪਰਨੀਂ ਹੋ ਜਾਣਾ
ਜਾਂ ਫਿਰ ਆਸਮਾਨ ਦਾ ਹੁਣੇ ਹੁਣੇ ਵਿਧਵਾ ਹੋਈ ਔਰਤ ਵਾਂਗ
ਲਗਾਤਾਰ ਰੋਈ ਜਾਣਾ ਹੀ ਨਹੀਂ ਹੁੰਦਾ
ਮੌਸਮ ਸੀਜ਼ਨ ਜਾਂ ਆਫ਼-ਸੀਜ਼ਨ ਵੀ ਹੁੰਦਾ ਹੈ
ਮੌਸਮ ਤਨਖਾਹ ਦਾ ਘਟਣਾ-ਵਧਣਾ ਵੀ ਹੁੰਦਾ ਹੈ
ਮੌਸਮ ਧੂਏਂ ਤੇ ਧੂੜ ਦੀਆਂ ਕਾਲੀਆਂ ਝੀਲਾਂ 'ਚੋਂ ਚਿੱਟੀ ਰੋਟੀ ਲੱਭਣ ਲਈ
ਕੂੰਜਾਂ ਵਾਂਗ ਘਰਾਂ ਨੂੰ ਛੱਡ ਤੁਰਨਾ
ਤੇ ਫਿਰ ਉਹਨਾਂ ਸਾਹਾਂ ਨੂੰ ਛੋਹਣ ਲਈ ਮੁੜਨਾ ਵੀ ਹੁੰਦਾ ਹੈ
ਜਿਹਨਾਂ ਨੂੰ ਉਹ ਸਾਲ ਸਿਰਫ਼ ਸੁਣਦਾ ਹੀ ਰਹਿੰਦਾ ਹੈ
ਮੌਸਮ ਵਕਤਾਂ ਨੂੰ ਵਾਹੁੰਦੇ, ਬੀਜਦੇ, ਸਿੰਜਦੇ ਤੁਰਦੇ ਰਹਿਣਾ ਵੀ ਹੁੰਦਾ ਹੈ
ਤੇ ਫਿਰ ਕਦੇ ਕਦੇ ਮਿੱਟੀ ਨੂੰ ਉਲਟਾ ਦੇਣਾ ਵੀ ਹੁੰਦਾ ਹੈ
ਮੌਸਮ ਹਮੇਸ਼ਾਂ ਸਾਲ ਦੇ ਮਹੀਨਿਆਂ 'ਚ ਨਹੀਂ ਮਿਣਿਆ ਜਾਂਦਾ
ਮੌਸਮ ਦਹਾਕਿਆਂ ਦਾ ਵੀ ਹੁੰਦਾ ਹੈ ਤੇ ਪਲਾਂ ਦਾ ਵੀ
ਮੌਸਮ ਲਹੂ ਦਾ ਇੱਕ-ਇੱਕ ਕਤਰਾ ਬਚਾ ਕੇ ਰੱਖਣਾ
ਤੇ ਫਿਰ ਹੜ੍ਹਾਂ ਵਾਂਗ ਡੋਲਣਾ ਵੀ ਹੁੰਦਾ ਹੈ

ਬੇਮੌਸਮੇ ਸਿਰਫ਼ ਫਲ ਨਹੀਂ ਹੁੰਦੇ
ਜਿਹਨਾਂ 'ਚ ਸੁਆਦ ਨਹੀਂ ਰਹਿੰਦਾ
ਬੇਮੌਸਮੇ ਵਿਚਾਰ ਵੀ ਹੁੰਦੇ ਹਨ
ਜਿਹਨਾਂ 'ਚ ਜੀਵਨ ਨਹੀਂ ਰਹਿੰਦਾ
ਬੇਮੌਸਮਾ ਜੀਵਨ ਵੀ ਹੁੰਦਾ ਹੈ
ਜਿਹੜਾ ਜੀਣ ਯੋਗ ਨਹੀਂ ਰਹਿੰਦਾ
ਬੇਮੌਸਮਾ ਜੀਣਾ ਵੀ ਹੁੰਦਾ ਹੈ
ਜਿਹੜਾ ਧਰਤੀ ਮਾਂ ਲਈ ਸਹਿਣਯੋਗ ਨਹੀਂ ਰਹਿੰਦਾ....

Friday, May 4, 2012

ਜ਼ਖਮ ਨੂੰ

ਤੂੰ ਵੀ ਅਜੀਬ ਸ਼ੈਅ ਹੈਂ
ਮੇਰੇ ਪਿਆਰੇ ਜ਼ਖਮ
ਕਦੇ ਮੈਂ ਤੈਨੂੰ ਠੀਕ ਕਰਨਾ ਚਾਹਿਆ ਸੀ
ਪਰ ਤੂੰ ਨਹੀਂ ਮੰਨਿਆ
ਹੁਣ ਤੂੰ ਠੀਕ ਹੋਣਾ ਲੋਚਦਾ ਹੈਂ
ਮੈਂ ਨਹੀਂ ਮੰਨਣ ਵਾਲਾ

ਜਦੋਂ ਵਕਤਾਂ ਦੀ ਕੰਬਾਈਨ ਨੇ
ਮੇਰੀ ਸੁਨਹਿਰੀ ਚਮਕ
ਚੁਰਾ ਲਈ ਸੀ
ਤੂੰ ਹੜ੍ਹ ਉੱਠਿਆ ਸੀ ਸਾਰੇ ਬੰਨ੍ਹ ਤੋੜ ਕੇ
ਸੋਨਾ ਵਿਖੇਰ ਦਿੱਤਾ ਸੀ
ਮੇਰੇ ਦਿਲ ਦੇ ਵਿਹੜੇ
ਸਦਾ ਲਈ ਜਰਖੇਜ਼ ਕਰ ਦਿੱਤਾ ਸੀ

ਤੈਨੂੰ ਯਾਦ ਹੋਣੈ
ਜਦੋਂ ਉਹ ਮੈਥੋਂ
ਮੇਰਾ ਪਿਆਰ, ਮੇਰਾ ਸਨੇਹ ਝਪਟਣ ਆਏ ਸੀ
ਮੈਂ ਬਾਗੀ ਫੌਜੀ ਵਾਂਗ ਟੁੱਟ ਪਿਆ ਸੀ
ਖੰਜਰਾਂ ਦੀ ਬਟਾਲੀਅਨ 'ਤੇ
ਹੁਣ ਉਹ ਆਉਣਗੇ ਆਪਣੀਆਂ ਮਲ੍ਹਮਾਂ ਲੈ ਕੇ
ਮੈਥੋਂ ਮੇਰੀ ਨਫ਼ਰਤ ਖੋਹਣ
ਪਰ ਤੇਰੇ ਗਰਮ ਕੰਢਿਆਂ ਅੱਗੇ
ਉਹਨਾਂ ਦੀਆਂ ਉਂਗਲਾਂ ਬੱਗੀਆਂ ਹੋ ਜਾਣਗੀਆਂ

ਓ ਮੇਰੇ ਦਿਲ 'ਚੋਂ ਫੁੱਟਦੇ
ਗਰਮ ਲਹੂ ਦੇ ਝਰਨੇ
ਮੈਂ ਬੈਠਦਾ ਹਾਂ
ਤੇਰੇ ਕੋਲ
ਖਿਆਲਾਂ ਦੀ ਕੁਰਸੀ ਡਾਹ ਕੇ
ਠੰਢੇ ਮੌਸਮਾਂ 'ਚ
ਉਦਾਸ ਵਕਤਾਂ 'ਚ
ਸਿਲ੍ਹੀਆਂ ਹਨੇਰੀਆਂ 'ਚ
ਬੋਝਲ ਅਲਸਾਈ ਹਵਾ ਦੇ ਲੰਮੇ ਕਸ਼ ਭਰਦਾ ਹੋਇਆ
ਅਵਾਰਾ ਘੁੰਮਦੇ ਬੱਦਲਾਂ ਨਾਲ ਖੇਡਣ ਨਿਕਲ ਗਏ
ਚੰਨ ਨੂੰ ਭਾਲਦਾ ਹਾਂ
ਤਾਰਿਆਂ 'ਚੋਂ ਅਣਜਾਣੇ ਸਫ਼ਰ ਦੀ
ਦਿਸ਼ਾ ਲਭਦਾ ਹਾਂ
ਤੇ ਮੈਂ ਚਲ ਪਵਾਂਗਾ ਅੱਧੀ ਰਾਤ ਨੂੰ ਹੀ
ਨੰਗੇ ਪਹਾੜਾਂ ਦੀਆਂ ਚੜਾਈਆਂ ਚੜ੍ਹਨ
ਸੁੰਨੇ ਸਾਗਰਾਂ 'ਚ ਠਿੱਲਣ
ਰੇਤਲੇ ਪੈਂਡਿਆਂ ਨੂੰ ਛੋਹਣ

ਤੂੰ ਰਿਸਦਾ ਰਹੀਂ
ਮੇਰੇ ਪਿਆਰੇ ਜ਼ਖਮ
ਮੈਂ ਜਗਾਵਾਂਗਾ ਇੱਕ ਰਾਤ ਆ ਕੇ ਤੈਨੂੰ
ਤੇ ਅਸੀਂ ਫਿਰ ਬੈਠਾਂਗੇ ਲਾਗੇ-ਲਾਗੇ
ਇੱਕ ਦੂਜੇ ਦੀਆਂ ਗੱਲ੍ਹਾਂ ਨਾਲ ਗੱਲ੍ਹਾਂ ਜੋੜ ਕੇ
ਜਾਮ ਟਕਰਾਵਾਂਗੇ ਵੋਦਕਾ ਦਾ
ਉੱਡਦੇ ਬੱਦਲਾਂ ਤੇ ਪੀਲੇ ਚੰਨ ਦੇ ਪਿੱਛੇ ਲੁਕਿਆ
ਗੀਤ ਲੱਭਣ ਖੇਡਾਂਗੇ...

Friday, April 20, 2012

ਗਜ਼ਲ

ਇਹ ਨੀਲ ਦੀ ਲਿਸ਼ਕੋਰ 'ਚੋਂ ਅਜਬ ਨਜ਼ਾਰਾ ਹੋ ਰਿਹੈ,
ਤਹਿਰੀਰ 'ਚੋਂ ਕਲ ਦੀ ਤਹਿਰੀਕ ਦਾ ਇਸ਼ਾਰਾ ਹੋ ਰਿਹੈ|

ਧੁੱਪ ਕੈਦ ਹੈ ਜੇਲ੍ਹਾਂ ਅੰਦਰ ਦਿਲ ਸੂਰਜ ਦੇ ਖੰਜਰ ਹੈ,
ਆਸ ਜਿਉਂਦੀ ਰੱਖਣੇ ਲਈ ਕੋਈ ਪੂਛਲ ਤਾਰਾ ਹੋ ਰਿਹੈ|

ਝਾੜੀਂ ਫਸੇ ਬਾਰਾਂਸਿੰਗ੍ਹੇ ਦੀ ਜੋ ਸੁਰੀਲੀ ਚੀਕ ਸੀ,
ਹੁਣ ਮੇਲ ਰੁਕਨਾਂ ਦਾ ਉਹੀ ਕੋਈ ਨਗਾਰਾ ਹੋ ਰਿਹੈ|

ਬਣਿਆ ਰਿਹਾ ਲਾਗੀ ਕਦੇ ਦਰਬਾਰ ਦਾ ਸੀ ਗਜ਼ਲਗੋ,
ਹੁਣ ਕਾਮਿਆਂ ਦੀ ਫੌਜ ਦਾ ਭਰਤੀ ਬੁਲਾਰਾ ਹੋ ਰਿਹੈ|

ਸਤਿਕਾਰ ਕਾਰੋਬਾਰ ਦੀ ਲੀਲਾ ਬੜੀ ਖੇਡੀ ਗਈ,
'ਅਮਗੀਤ' ਹੁਣ ਤਾਂ ਖਬਰ ਦੇ ਸ਼ਾਇਰ ਅਵਾਰਾ ਹੋ ਰਿਹੈ|

ਨਜ਼ਮ

ਪਿਆਰ ਤੇਰਾ ਸੋਹਣਿਆ ਆਜ਼ਾਰ ਹੋ ਗਿਆ,
ਇਹ ਦਿਲ ਮੇਰਾ ਯਾਦਾਂ ਦਾ ਬਾਜ਼ਾਰ ਹੋ ਗਿਆ|

ਕਦੇ ਪੁੱਛ ਲਵੇ ਹਾਲ ਕਿਸੇ ਰਸਤੇ 'ਚ ਮਿਲ ਕੇ,
ਨਿਰਮੋਹਾ ਬੜਾ ਹੁਣ ਯਾਰ ਦਿਲਦਾਰ ਹੋ ਗਿਆ|

ਪਰੀ ਉਹੀ ਉੱਡ ਕਹਿੰਦਾ ਚੰਨ ਵੱਲੋਂ ਆਊ ਕਦੇ,
ਦਿਲ ਚੰਦਰੇ ਨੂੰ ਇਹੀਓ ਇਤਬਾਰ ਹੋ ਗਿਆ|

ਵੇਗ ਜਿਹੜਾ ਚਿਰ ਤੋਂ ਸੀ ਦਿਲ ਵਿੱਚ ਨੱਪਿਆ,
ਅੱਜ ਵਕਤਾਂ ਦੀ ਛੋਹ ਦਾ ਉਹ ਸ਼ਿਕਾਰ ਹੋ ਗਿਆ|

ਛੋਹ ਗਿਆ ਏਦਾਂ ਕੁਛ ਉਹ ਦਿਲ ਦੀ ਤਾਰ ਨੂੰ,
ਸੀ ਚੁੱਪ ਚੱਪ ਰਹਿੰਦਾ ਜੋ, ਫ਼ਨਕਾਰ ਹੋ ਗਿਆ|

Thursday, April 12, 2012

ਉਹਨਾਂ ਸਾਨੂੰ ਦੱਸਿਆ ਕਿ
ਤੂੰ ਛੋਟਾ ਹੁੰਦਾ
ਬੰਦੂਕਾਂ ਬੀਜਦਾ ਸੈਂ
ਅਸਾਂ ਨੇ ਕਿਤੋਂ ਪੜ੍ਹ ਲਿਆ
ਕਿ ਤੂੰ ਵੱਡਾ ਹੋ ਕੇ
ਸੁਪਨੇ ਬੀਜਣ ਲੱਗ ਪਿਆ ਸੀ
ਬਸ ਉਸੇ ਦਿਨ ਤੋਂ ਉਹਨਾਂ ਨੇ
ਮੇਰੇ ਸੁਪਨਿਆਂ 'ਤੇ
ਬੰਦੂਕਾਂ ਦਾ ਪਹਿਰਾ ਬੈਠਾ ਦਿੱਤਾ ਹੈ
..................
..................
ਓ ਬੰਦੂਕਾਂ ਵਾਲਿਓ!
ਓ ਟੈਂਕਾਂ ਵਾਲਿਓ!!
ਮੈਂ ਕੂਚ ਕਰ ਚੁੱਕਾ ਹਾਂ
ਸੁਪਨਿਆਂ ਦੀ ਧਰਤੀ ਵੱਲ...

Monday, March 26, 2012


ਘਰ ਤੇ ਦੁਨੀਆਂ

ਉਹਨਾਂ ਨੇ ਕਿਹਾ
ਪਹਿਲਾਂ ਘਰ ਬਣਾ ਲੈ
ਮੈਂ ਕਿਹਾ
ਪਹਿਲਾਂ ਘਰ ਬਣਾਉਣ ਲਾਇਕ
ਦੁਨੀਆਂ ਬਣਾ ਲਈਏ
ਉਹ ਦੁਨੀਆਂ ਨੂੰ ਭੁੱਲ
ਘਰ ਬਣਾਉਣ ਲੱਗੇ
ਤੇ ਮੈਂ
ਦੁਨੀਆਂ ਬਣਾਉਣ ਲਈ
ਘਰ ਨੂੰ ਛੱਡ ਆਇਆ
ਹੁਣ ਉਹਨਾਂ ਦੀ ਦੁਨੀਆਂ
ਘਰ ਹੈ
ਮੇਰਾ ਘਰ
ਪੂਰੀ ਦੁਨੀਆਂ....

Monday, March 19, 2012


ਗਜ਼ਲ

ਬਿਨ ਤੇਰੇ ਹੋਗੀ ਜ਼ਿੰਦਗੀ ਇੱਦਾਂ |
ਇੱਕ ਰਾਤ ਏ ਤਾਰਿਉਂ ਸੱਖਣੀ ਜਿੱਦਾਂ |

ਪਲ ਵਿਛੜਨ ਦੇ ਇਉਂ ਤੈਰਨ ਯਾਦੀਂ,
ਵਿੱਚ ਪਰੀ ਕਹਾਣੀ ਜਿਉਂ ਹੋਵਣ ਗਿਰਝਾਂ |

ਤਾਹੀਉਂ ਸਾਥੋਂ ਹੋਏ ਨਾ ਵਾਅਦੇ,
ਪਤਾ ਸੀ ਦੋਵਾਂ ਪੁਗਾਉਣੀਆਂ ਜ਼ਿੱਦਾਂ |

ਉਹ ਲੋਚੇ ਚੰਨ, ਚੰਨ ਸੂਰਜ ਲੱਭੇ,
ਫਿਰ ਮਿਲਦੀ ਗੀਤ ਨੂੰ ਕਵਿਤਾ ਕਿੱਦਾਂ |

ਰਾਖ 'ਚ ਢਾਲੀ ਹਰਫਾਂ ਦੀ ਵੱਲੀ,
ਦਿਲ 'ਤੇ ਡਿੱਗਦੇ ਯਾਦਾਂ ਦਿਆਂ ਮਿੱਗਾਂ |



ਦਿਲਾਂ ਦਾ ਬੋਲਾ ਕੀਤਾ ਹਰ ਕੋਨਾ,
ਸ਼ੰਖਾਂ, ਭਾਈਆਂ, ਇਲਮਾਂ, ਸਿੱਧਾਂ|

ਅੰਦਰ ਮੇਰੇ ਤਾਂ ਘਾਹ ਦਾ ਜੰਗਲ,
ਦੂਰੋਂ ਲੱਗਦੈ! ਕਿ ਤਿੜਾਂ ਨੂੰ ਮਿੱਧਾਂ|


Thursday, December 8, 2011

ਮੈਂ ਅੱਜਕਲ ਜਿੱਥੇ ਰਹਿੰਦਾ ਹਾਂ

ਮੈਂ ਅੱਜਕਲ ਜਿੱਥੇ ਰਹਿੰਦਾ ਹਾਂ
ਉੱਥੇ ਨਾ ਤਾਂ ਸੁੱਖ-ਆਸਨ ਜਿੰਨੀ ਠੰਢਕ ਹੈ ਨਾ ਨਿੱਘ
ਤੇ ਨਾ ਹੀ ਦਰਬਾਰ ਹਾਲ ਜਿੰਨੀ ਹਵਾਦਾਰੀ
ਉੱਥੇ ਹੈ ਤਾਂ ਬਸ
ਮਨੁੱਖਾਂ ਤੇ ਸੂਰਾਂ ਦੇ ਸਾਹਾਂ ਦੀ ਰਲਵੀਂ ਹਵਾੜ੍ਹ ਦਾ ਬਣਿਆ
ਗੈਸੀ ਗੁਬਾਰੇ ਜਿਹਾ ਕੁਝ
ਜਿਸਦੇ ਪੈਰ ਰੋਜ਼ ਹੱਡੀਆਂ ਦਾ ਬਾਲਣ ਭਾਲਦੇ ਨੇ
ਤੇ ਉਸਦੀ ਟੀਸੀ ਚੋਂ ਰੋਜ਼
ਸੋਨੇ ਦੀਆਂ ਲਗਰਾਂ ਫੁੱਟਦੀਆਂ ਨੇ

ਮੈਂ ਅੱਜਕਲ ਜਿੱਥੇ ਰਹਿੰਦਾ ਹਾਂ
ਉੱਥੇ ਦਾ ਇਨਸਾਨ
ਆਪਣੇ ਗੁੱਸੇ ਨੂੰ
ਜਰਦੇ ਨਾਲ ਤਲੀ ਤੇ ਮਲ ਕੇ
ਆਪਣੇ ਬੁੱਲ੍ਹਾਂ ਚ ਦਬਾ ਲੈਂਦਾ ਹੈ
ਆਤਮਾ ਨਾਂ ਦੀ ਮੋਮਬੱਤੀ
ਬੀੜੀ ਦੇ ਜਲਣ ਨਾਲ ਹਲਕੀ ਚਿੰਗਾੜੀ ਮਾਰਦੀ ਹੈ
ਤੇ ਫਿਰ ਬੀੜੀ ਦੇ ਬਚੇ ਟੋਟੇ ਨਾਲ
ਕਿਸੇ ਨਾਲੀ ਵਿੱਚ ਜਾਂ ਪੈਰ ਥੱਲੇ ਜਾ ਪੈਂਦੀ ਹੈ

ਮੈਂ ਅੱਜਕਲ ਜਿੱਥੇ ਰਹਿੰਦਾ ਹਾਂ
ਉਥੇ ਸਿਖਰ ਦੁਪਹਿਰੇ ਦੇ ਸੂਰਜ ਦੀਆਂ ਕਿਰਨਾਂ ਵੀ
ਵਿਹੜੇ ਦੇ ਮਾਲਕ ਦੀ ਭਵਨ-ਨਿਰਮਾਣ ਕਲਾ ਅੱਗੇ
ਹਥਿਆਰ ਸੁੱਟ ਦਿੰਦੀਆਂ ਹਨ
ਤਾਰੇ ਕਦੋਂ ਦੇ ਧੂਏਂ ਤੇ ਧੂੜ ਹੱਥੋਂ
ਪਾਨੀਪਤ ਦੀ ਚੌਥੀ ਲੜਾਈ ਹਾਰ ਚੁੱਕੇ ਹਨ
ਹਾਂ... ਚੰਦਰਮਾ ਕਦੇ ਕਦੇ ਜਿੱਦ ਪੁਗਾ ਜਾਂਦੈ
ਪਰ ਇੱਥੋਂ ਦੇ ਲੋਕ ਉਸਨੂੰ ਪਛਾਣਦੇ ਨਹੀਂ
ਪ੍ਰੇਮ ਮਹਿਬੂਬ ਨਾਂ ਦੇ ਰਿਸ਼ਤੇ ਨਹੀਂ ਇੱਥੇ
ਚੰਨ ਦੀ ਮਹੱਤਤਾ ਸਮਝਾਉਣ ਲਈ
ਤੇ ਨਾ ਹੀ ਕਵੀ
ਇਸ ਦੋ-ਪੈਰੀ ਮਸ਼ੀਨ ਦੀ ਚੰਨ ਨਾਲ
ਜਾਣ-ਪਛਾਣ ਕਰਵਾਉਣ ਲਈ

ਮੈਂ ਅੱਜਕਲ ਜਿੱਥੇ ਰਹਿੰਦਾ ਹਾਂ
ਉੱਥੋਂ ਦੇ ਬੱਚਿਆਂ ਲਈ
ਮਰਿਆ ਹੋਇਆ ਸੀਵਰੇਜ਼ੀ ਚੂਹਾ
ਖਿਡੌਣਾ ਹੈ
ਜਿੰਨਾ ਵੱਡਾ ਉਨਾ ਹੀ ਵੱਧ ਦਿਲ ਬਹਿਲਾਉਣ ਵਾਲਾ
ਚੂਹੇ ਦੀ ਪੂਛ ਨੂੰ ਹੱਥ ਲਾਉਣ ਲੱਗਿਆਂ ਇੱਥੇ
ਅਲਕਤ ਨਾਂ ਦੀ ਚਿੜੀ
ਕਿਸੇ ਦੇ ਨੱਕ ਜਾਂ ਗਲ ਚ ਠੁੰਗਾਂ ਨਹੀਂ ਮਾਰਦੀ
ਪੂਛ ਫੜ ਕੇ ਚੂਹਾ ਘੁਮਾਉਂਦੇ ਸੈਨਾਪਤੀ ਪਿੱਛੇ ਨਠਦੇ ਜੁਆਕਾਂ ਦੀਆਂ
ਡਿੱਗਦੀਆਂ ਨਿੱਕਰਾਂ ਤੇ ਉੱਚੀਆਂ ਕਿਲਕਾਰੀਆਂ ਨੂੰ ਦੇਖ ਕੇ
ਤੁਹਾਡੇ ਮਨ ਵਿਚਲਾ ਦਾਰਸ਼ਨਿਕ ਕਹਿ ਉੱਠੇ
ਆਹ ! ਕਿੰਨਾ ਰੰਗੀਨ ਹੁੰਦਾ ਬਚਪਨ
ਚੜੀ ਦੀ ਨਾ ਲੱਥੀ ਦੀ
ਕਿੰਨਾ ਖੁਸ਼ ਨੇ ਬੱਚੇ
ਮਿੱਟੀ ਦੇ ਕਿੰਨਾ ਨੇੜੇ !!

ਮੈਂ ਅੱਜਕਲ ਜਿੱਥੇ ਰਹਿੰਦਾ ਹਾਂ
ਉੱਥੇ ਬੇਦਿਲੀ ਬੇਗੈਰਤੀ ਪਸਤ-ਹਿੰਮਤੀ ਨਾਲ
ਬੋਝਲ ਹੋਈ ਹਵਾ
ਹਰ ਤਰ੍ਹਾਂ ਦੀ ਮਨੁੱਖੀ ਆਵਾਜ਼ 'ਤੇ
ਬੁਰੀ ਖਬਰ ਦੇ ਡਰ ਵਾਂਗ ਛਾਈ ਹੋਈ ਹੈ
ਆਦਮੀ ਉੱਚੀ ਉੱਚੀ ਹਸਦੇ ਹਨ
ਵੱਡੇ ਸਪੀਕਰਾਂ 'ਤੇ ਗੀਤ ਵਜਾਉਂਦੇ ਹਨ
ਖੂਬ ਉੱਚੀ ਗਾਲਾਂ ਕਢਦੇ ਹਨ
ਸਿਸਟਮ ਨੂੰ, ਮਾਲਕਾਂ ਨੂੰ, ਰੱਬ ਨੂੰ, ਹਰ ਕਿਸੇ ਨੂੰ
ਬਸ ਬੋਲਦੇ ਨਹੀਂ .....

Saturday, October 22, 2011

ਗਜ਼ਲ

ਖਾ ਲਿਆ ਪਿਆਰਾਂ ਨੂੰ ਕਤਲਾਂ ਦੀ ਰੁੱਤ ਨੇ |

ਢੱਕ ਲਏ ਚਿਹਰੇ ਨੇ ਮੜ੍ਹੀਆਂ ਦੀ ਚੁੱਪ ਨੇ |

ਡੱਲ ਦਿਆਂ ਪਾਣੀਆਂ 'ਚ ਉੱਠੇ ਜਦ ਜਲਜਲੇ,
ਅਸਾਲਟਾਂ ਦੇ ਸਾਹਵੇਂ ਹੱਥ ਗਏ ਬੁੱਕ ਨੇ |

ਕਰ ਦਏ ਪਾਣੀ ਖਾਰਾ ਚੀਜ਼ ਹਰ ਧੁੰਦਲੀ,
ਚੰਗਾ ਹੋਇਆ ਰੋ ਰੋ ਕੋਏ ਗਏ ਸੁੱਕ ਨੇ |

ਬੜੇ ਹੀ ਅਜੀਬ ਨੇ ਅਦੀਬ ਮੇਰੇ ਸ਼ਹਿਰ ਦੇ,
ਚੜ੍ਹੇ ਵੀ ਨਾ ਸੂਰਜ ਉਹ ਚਾਹੁੰਦੇ ਵੀ ਧੁੱਪ ਨੇ |


ਤੰਦੂਏ ਥੀਂ ਹੁਣ ਤਾਂ ਨਸ਼ਤਰ ਦੀ ਚੋਭ ਦੇ,
ਮੂੰਹ ਖੋਲ੍ਹ ਕਿ ਕੁਝ ਬੋਲ ਚੀਖ ਪਏ ਰੁੱਖ ਨੇ|